" ਆਪਣੇ ਦਿਲ ਦੀ ਗੱਲ "
🙏🏾
ਪਿਆਰੇ ਪਾਠਕੋ
ਆਪਣੀ ਸੱਜਰੀ ਕਵਿਤਾਵਾਂ ਦਾ ਸੰਗ੍ਰਹਿ "ਹਮਸਫ਼ਰ" ਤੁਹਾਡੇ ਨਾਂ ਕਰਦਿਆਂ ਮੈਨੂੰ ਬੇਹੱਦ ਖੁਸ਼ੀ ਹੋ ਰਹੀ ਹੈ। ਪ੍ਰੇਮ ਕਵਿਤਾਵਾਂ ਦਾ ਇਹ ਸੰਗ੍ਰਹਿ ਆਪਣੇ ਆਪ ਵਿੱਚ ਇਸ ਲਈ ਖ਼ਾਸ ਹੈ ਕਿਉਂਕਿ ਇਹ ਸਾਰੀਆਂ ਕਵਿਤਾਵਾਂ ਤਸਵੀਰਾਂ ਉੱਪਰ ਲਿਖੀਆਂ ਗਈਆਂ ਹਨ। ਜਿਵੇਂ ਕਵਿਤਾ ਸਰਹੱਦ ਵਿੱਚ ਕੈਦ ਨਹੀਂ ਹੋ ਸਕਦੀ ਉਸੇ ਤਰ੍ਹਾਂ ਕਲਾ ਨੂੰ ਵੀ ਕਿਸੇ ਸੀਮਾ ਵਿੱਚ ਨਹੀਂ ਬੰਨਿਆ ਜਾ ਸਕਦਾ। ਇਸ ਸੰਗ੍ਰਹਿ ਵਿੱਚ ਸੰਜੋਏ ਚਿੱਤਰਾਂ ਦੀ ਚਿਤੇਰੀ ਲਿਥੂਆਨੀਆ ਦੀ ਪ੍ਰਸਿੱਧ ਚਿੱਤਰਕਾਰ ਅਤੇ ਸੰਗੀਤਕਾਰ "ਜੀਤਾ ਵਿਲੁਤੀਤੇ" ਹੈ। ਇਨ੍ਹਾਂ ਨਾਲ ਮੇਰੀ ਮੁਲਾਕਾਤ ਪੁਰਾਣੀ ਹੈ ਵੀ ਤੇ ਨਹੀਂ ਵੀ। ਅਸਲ ਵਿੱਚ ਜੀਤਾ ਵਿਲੁਤੀਤੇ ਨੂੰ ਮੇਰੀਆਂ ਕਵਿਤਾਵਾਂ ਪਸੰਦ ਆਈਆਂ ਸਨ ਤੇ ਮੈਨੂੰ ਉਨ੍ਹਾਂ ਦੇ ਚਿੱਤਰ। ਪ੍ਰੇਮ ਦੇ ਅਨੰਤ ਸਫ਼ਰ ਤੇ ਚਲਦਿਆਂ ਇਹ ਤਸਵੀਰਾਂ ਅਤੇ ਕਵਿਤਾਵਾਂ ਇੱਕ ਦੁੱਜੇ ਦੇ ਹਮਸਫ਼ਰ ਬਣ ਗਏ। ਆਓ, ਹਮਸਫ਼ਰ ਦੀਆਂ ਕਵਿਤਾਵਾਂ ਦਾ ਰਸ ਮਾਨਣ ਤੋਂ ਪਹਿਲਾਂ ਅਸੀਂ ਇਨ੍ਹਾਂ ਨੂੰ ਥੋੜ੍ਹਾ ਪਰਖ਼ ਲਈਏ।
ਪ੍ਰੇਮ ਕੋਈ ਸ਼ਬਦ ਨਹੀਂ, ਪ੍ਰੇਮ ਬ੍ਰਹਮ ਹੈ। ਜੇਕਰ ਪ੍ਰੇਮ ਨਾ ਹੁੰਦਾ ਤਾਂ ਸ਼ਾਇਦ ਇਹ ਦੁਨੀਆਂ ਵੀ ਨਹੀਂ ਹੋਣੀ ਸੀ। ਮੈਂ ਇਹ ਪ੍ਰੇਮ ਕਵਿਤਾਵਾਂ ਨਾ ਲਿਖੀਆਂ ਹੁੰਦੀਆਂ ਤੇ ਤੁਸੀਂ ਪੜ੍ਹ ਨਾ ਰਹੇ ਹੁੰਦੇ। ਪ੍ਰੇਮ ਇੱਕ ਅਣਛੋਹਿਆ ਅਹਿਸਾਸ ਹੈ ਜਿਸਨੂੰ ਅਸੀਂ ਸਿਰਫ਼ ਮਹਿਸੂਸ ਕਰ ਸਕਦੇ ਹਾਂ। ਇਸ ਅਹਿਸਾਸ ਦਾ ਕੋਈ ਨਾਂ ਵੀ ਨਹੀਂ ਹੁੰਦਾ। ਕੁੱਝ ਲੋਕਾਂ ਨੇ ਇਹਨੂੰ ਨਾਂ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਸ ਅਹਿਸਾਸ ਨੂੰ ਕੁੱਝ ਸ਼ਬਦਾਂ ਵਿੱਚ ਸਮੇਟਿਆ ਅਤੇ ਇਨ੍ਹਾਂ ਦੇ ਕੁੱਝ ਮਤਲਬ ਵੀ ਕੱਢੇ ਪਰ ਇਸ ਕੋਸ਼ਿਸ਼ ਵਿੱਚ ਪ੍ਰੇਮ ਕਿਤੇ ਗੁੰਮ ਹੋ ਗਿਆ। ਅਨੇਕਾਂ ਮਹਾਨ ਕਵੀਆਂ ਨੇ ਪ੍ਰੇਮ ਨੂੰ ਆਪਣੀ ਕਵਿਤਾਵਾਂ ਵਿੱਚ ਉਤਾਰਿਆ, ਚਿੱਤਰਕਾਰਾਂ ਨੇ ਕੈਨਵਸ ਉੱਤੇ ਅਤੇ ਮੂਰਤੀ ਕਾਰਾਂ ਨੇ ਸੁੰਦਰ ਮੂਰਤੀਆਂ ਵਿੱਚ ਢਾਲਿਆ, ਸੰਗੀਤਕਾਰਾਂ ਨੇ ਪਿਆਰੀਆਂ ਧੁਨਾਂ ਵਿੱਚ ਪਰੋਇਆ ਪਰ ਪ੍ਰੇਮ ਉਸੇ ਨੂੰ ਹੀ ਹੋਇਆ ਜਿਸਨੇ ਪ੍ਰੇਮ ਵਿੱਚ ਖ਼ੁਦ ਨੂੰ ਮਿਟਾ ਦਿੱਤਾ।
ਪ੍ਰੇਮ ਇੱਕ ਅਜਿਹਾ ਰਹੱਸ ਹੈ ਜਿਸ ਉੱਤੋਂ ਕਦੇ ਪਰਦਾ ਨਹੀਂ ਉਠਿਆ। ਪ੍ਰੇਮ ਇੱਕ ਅਜਿਹਾ ਆਕਾਸ਼ ਹੈ ਜਿਸਦਾ ਕੋਈ ਅੰਤ ਨਹੀਂ , ਪ੍ਰੇਮ ਇੱਕ ਅਜਿਹਾ ਪਾਣੀ ਹੈ ਜਿਸਨੂੰ ਅੱਜ ਤੱਕ ਕੋਈ ਬੰਨ ਨਹੀਂ ਸਕਿਆ। ਇਸ ਸੰਸਾਰ ਵਿੱਚ ਪ੍ਰੇਮ ਨੂੰ ਸਮਰਪਿਤ ਅਨੇਕਾਂ ਪ੍ਰੇਮ ਗਾਥਾਵਾਂ ਮਿਲ ਜਾਣਗੀਆਂ ਜਿਨ੍ਹਾਂ ਨੂੰ ਅਸੀਂ ਕਦੇ ਨਾ ਕਦੇ ਜ਼ਰੂਰ ਪੜ੍ਹਿਆ ਹੋਵੇਗਾ ਤੇ ਜਿਨ੍ਹਾਂ ਪੜਿਆ ਨਹੀਂ ਉਨ੍ਹਾਂ ਸੁਣਿਆ ਜ਼ਰੂਰ ਹੋਵੇਗਾ। ਪ੍ਰੇਮ ਜਿਹੇ ਗੂੜ੍ਹ ਵਿਸੇ ਉੱਪਰ ਕੁੱਝ ਕਹਿੰਦੀਆਂ ਮੈਨੂੰ ਖ਼ੁਦ ਝਿਝਕ ਮਹਿਸੂਸ ਹੁੰਦੀ ਹੈ। ਮੇਰੇ ਕੋਲ ਨਾ ਤਾਂ ਅਜਿਹੇ ਸ਼ਬਦ ਹਨ ਤੇ ਨਾ ਅਜਿਹੇ ਰੰਗ ਜਿਨ੍ਹਾਂ ਨਾਲ ਮੈਂ ਪ੍ਰੇਮ ਨੂੰ ਚਿਤਾਰ ਸਕਾਂ। ਇਸ ਦੇ ਲਈ ਪ੍ਰੇਮ ਨਾਲ ਸਬੰਧਤ ਕੁੱਝ ਮਕਬੂਲ ਸ਼ਾਇਰਾਂ ਦੇ ਸ਼ੇਅਰਾਂ ਅਤੇ ਜੁਮਲਿਆਂ ਦੇ ਹਵਾਲੇ ਨਾਲ ਕੋਸ਼ਿਸ਼ ਕਰ ਰਿਹਾ ਹਾਂ ਕਿ ਮੈਂ ਆਪਣੇ ਪਾਠਕਾਂ ਨੂੰ ਪ੍ਰੇਮ ਦੀ ਇਸ ਕਸ਼ਿਸ਼ ਦੇ ਨੇੜੇ ਲੈ ਕੇ ਆ ਸਕਾਂ।
ਇਸ਼ਕ ਹੀ ਇਸ਼ਕ ਹੈ, ਨਹੀਂ ਕੁਛ
ਇਸ਼ਕ ਬਿਨ ਤੁਮ ਕਹੋ, ਕਹਾਂ ਹੈ ਕੁਛ ?
(ਮੀਰ ਤਕੀ ਮੀਰ)
ਖ਼ੁਦਾ ਏ ਸੁਖ਼ਨ ਮੀਰ ਤਕੀ ਮੀਰ ਨੇ ਆਪਣੀ ਆਤਮਕਥਾ " ਜ਼ਿਕਰ- ਏ- ਮੀਰ " ਵਿੱਚ ਪ੍ਰੇਮ ਦੇ ਬਾਰੇ ਕੁੱਝ ਇਉਂ ਆਖਿਆ ਹੈ - ਪ੍ਰੇਮ ਕਰ ਕਿਉਂਕਿ ਇਹ ਸੰਸਾਰ ਪ੍ਰੇਮ ਦੇ ਆਧਾਰ ਤੇ ਹੀ ਟਿਕਿਆ ਹੋਇਆ ਹੈ। ਜੇਕਰ ਪ੍ਰੇਮ ਨਾ ਹੁੰਦਾ ਤਾਂ ਇਹ ਸੰਸਾਰ ਨਾ ਹੁੰਦਾ। ਬਿਨਾਂ ਪ੍ਰੇਮ ਦੇ ਜ਼ਿੰਦਗੀ ਬੇਰਸ ਲੱਗਦੀ ਹੈ। ਦਿਲ ਨੂੰ ਪ੍ਰੇਮ ਦਾ ਦੀਵਾਨਾ ਬਣਾ ਦੇਣਾ ਹੀ ਵਧੀਆ ਗੱਲ ਹੈ। ਪ੍ਰੇਮ ਬਣਾਉਂਦਾ ਵੀ ਹੈ ਤੇ ਜਲਾਉਂਦਾ ਵੀ ਹੈ। ਇਸ ਫਾਨੀ ਸੰਸਾਰ ਵਿੱਚ ਜੋ ਕੁੱਝ ਵੀ ਹੈ ਉਹ ਸਭ ਪ੍ਰੇਮ ਦੇ ਜਲਾਲ ਨਾਲ ਹੀ ਹੈ। ਅੱਗ ਪ੍ਰੇਮ ਦੀ ਜਲਣ ਹੈ ਤੇ ਪਾਣੀ ਪ੍ਰੇਮ ਦੀ ਗਤੀ। ਮਿੱਟੀ ਪ੍ਰੇਮ ਦਾ ਠਹਿਰਾਅ ਹੈ ਤਾਂ ਹਵਾ ਪ੍ਰੇਮ ਦੀ ਬੇਕਲੀ। ਮੌਤ ਪ੍ਰੇਮ ਦੀ ਮਸਤੀ ਹੈ ਤਾਂ ਜ਼ਿੰਦਗੀ ਹੋਸ਼। ਰਾਤ ਪ੍ਰੇਮ ਵਿੱਚ ਨੀਂਦਰ ਹੈ ਤਾਂ ਦਿਨ ਪ੍ਰੇਮ ਵਿੱਚ ਜਾਗ। ਭਲਾਈ ਪ੍ਰੇਮ ਦਾ ਨੇੜੇ ਹੋਣਾ ਹੈ ਤਾਂ ਪਾਪ ਪ੍ਰੇਮ ਤੋਂ ਦੂਰ ਹੋਣਾ ਹੈ। ਸ੍ਵਰਗ ਪ੍ਰੇਮ ਦੀ ਚਾਹ ਹੈ ਤਾਂ ਨਰਕ ਉਸਦਾ ਰਸ।
ਇਸ਼ਕ ਕਰਨਾ ਹਰ ਆਰੀ ਸਾਰੀ ਦੇ ਵੱਸ ਦਾ ਕੰਮ ਨਹੀਂ। ਇਸ਼ਕ ਕਰਨ ਲਈ ਆਸ਼ਿਕ ਵਿੱਚ ਜਿਗਰ ਹੋਣਾ ਚਾਹੀਦਾ ਹੈ। ਇਸ਼ਕ ਦੇ ਰਾਹ ਵਿੱਚ ਬਹੁਤ ਦੁਸ਼ਵਾਰੀਆਂ ਹੁੰਦੀਆਂ ਹਨ। ਕਿਹੋ ਜਿਹੀ ਮੁਸ਼ਕਲਾਂ ਵਿਚੋਂ ਗੁਜ਼ਰਨਾ ਪੈਂਦਾ ਹੈ - ਬਕੌਲ ਜਿਗਰ ਮੁਰਾਦਾਬਾਦੀ-
ਯੇ ਇਸ਼ਕ ਨਹੀਂ ਆਸਾਂ ਬਸ ਇਤਨਾ ਸਮਝ ਲੀਜੈ
ਇਕ ਆਗ ਕਾ ਦਰਿਆ ਹੈ ਔਰ ਡੂਬ ਕੇ ਜਾਨਾ ਹੈ
ਇਸ ਅੱਗ ਦੇ ਦਰਿਆ ਨੂੰ ਪਾਰ ਕਰਨ ਲਈ ਕਿਸੇ ਫ਼ੌਲਾਦੀ ਸੀਨੇ ਦੀ ਨਹੀਂ ਬਲਕਿ ਪ੍ਰੇਮ ਵਿੱਚ ਡੁੱਬੇ ਹੋਏ ਮਾਸੂਮ ਦਿਲ ਦੀ ਜ਼ਰੂਰਤ ਹੁੰਦੀ ਹੈ। ਜਿਹੜਾ ਅੱਜ ਕੱਲ੍ਹ ਲੱਭਿਆਂ ਨਹੀਂ ਲੱਭਦਾ। ਸੱਚਾ ਪ੍ਰੇਮ ਹੀ ਇਨਸਾਨ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਇਸ ਬੇਰਹਿਮ ਦੁਨੀਆਂ ਨਾਲ ਲੜਨ ਦੀ ਤਾਕਤ ਬਖਸ਼ਦਾ ਹੈ। ਕਮਜ਼ੋਰ ਦਿਲ ਵਾਲੇ ਮੁਹੱਬਤ ਨਹੀਂ ਕਰ ਸਕਦੇ। ਬਕੌਲ ਮੀਰ ਤਕੀ ਮੀਰ -
ਇਸ਼ਕ ਇੱਕ " ਮੀਰ " ਭਾਰੀ ਪੱਧਰ ਹੈ
ਕਬ ਯੇ ਤੁਝ ਨਾ-ਤਵਾਂ ਸੇ ਉਠਤਾ ਹੈ।
ਜੇਕਰ ਤੁਸੀਂ ਹਾਲੇ ਤੱਕ ਪ੍ਰੇਮ ਨਹੀਂ ਕੀਤਾ ਤਾਂ ਜ਼ਰੂਰ ਕਰਿਓ। ਜੇਕਰ ਤੁਹਾਡਾ ਦਿਲ ਕਮਜ਼ੋਰ ਹੈ ਤਾਂ ਵੀ ਜ਼ਰੂਰ ਪ੍ਰੇਮ ਕਰਨਾ ਚਾਹੀਦਾ ਹੈ ਕਿਉਂਕਿ ਇਸ਼ਕ ਕਰਨ ਨਾਲ ਹੀ ਦਿਲ ਦਲੇਰ ਬਣਦਾ ਹੈ। ਤਦ ਹੀ ਤੁਸੀਂ ਇਸ ਬੇਰਹਿਮ ਦੁਨੀਆਂ ਦਾ ਸਾਹਮਣਾ ਕਰ ਸਕੋਗੇ।
ਮੈਂ ਵੀ ਕਿੰਨਾ ਵੱਡਾ ਮੂਰਖ਼ ਹਾਂ ਜਿਹੜਾ ਅਨੇਕਾਂ ਮਹਾਨ ਵਿਦਵਾਨਾਂ ਵਾਂਗ ਪ੍ਰੇਮ ਨੂੰ ਪ੍ਰਭਾਸ਼ਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਪ੍ਰੇਮ ਨੂੰ ਬਿਨਾਂ ਪ੍ਰਭਾਸ਼ਿਤ ਕੀਤੇ ਹੀ ਰਹਿਣ ਦੇਣਾ ਚਾਹੀਦਾ ਹੈ। ਪ੍ਰੇਮ ਨੂੰ ਕੋਈ ਨਾਂ ਨਾ ਦਿਓ ਇਸਨੂੰ ਪ੍ਰੇਮ ਹੀ ਰਹਿਣ ਦਿਓ। ਹਮਸਫ਼ਰ ਵਿੱਚ ਸ਼ਾਮਲ ਕਵਿਤਾਵਾਂ ਦਾ ਆਨੰਦ ਉਠਾਉਂਦੇ ਹੋਏ ਜੇਕਰ ਕੋਈ ਸਵਾਲ ਤੁਹਾਡੇ ਮਨ ਵਿੱਚ ਉਠਦਾ ਹੈ ਤਾਂ ਮੇਰੇ ਨਾਲ ਜ਼ਰੂਰ ਰਾਬਤਾ ਕਰਿਆ ਜੇ।
ਮੈਂ ਆਪਣੇ ਕਵੀ ਮਿੱਤਰ ਸ੍ਰੀਮਤੀ ਮੰਜੂ ਵੇਂਕਟ ਤੇ ਸ੍ਰੀ ਪ੍ਰਮੋਦ ਸ਼ਰਮਾ 'ਅਸਰ' ਦਾ ਖਾਸ ਕਰਕੇ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਦੇ ਵਧੀਆ ਸੁਝਾਵਾਂ ਨੇ ਇਸ ਸੰਗ੍ਰਹਿ ਨੂੰ ਹੋਰ ਜ਼ਿਆਦਾ ਸੁੰਦਰ ਬਣਾ ਦਿੱਤਾ ਹੈ। ਮੈਂ ਖ਼ਾਸ ਤੌਰ ਤੇ ਸੰਗੀਤਕਾਰ ਅਤੇ ਚਿੱਤੇਰੀ ਬੀਬੀ ਜੀਤਾ ਵਿਲੁਤੀਤੇ ਦਾ ਰਿਣੀ ਹਾਂ ਜਿਨ੍ਹਾਂ ਨੇ ਮੈਨੂੰ ਆਪਣੇ 52 ਚਿੱਤਰਾਂ ਨਾਲ ਆਪਣੀ ਕਵਿਤਾਵਾਂ ਪ੍ਰਕਾਸ਼ਿਤ ਕਰਨ ਦੀ ਸਹਿਮਤੀ ਦਿੱਤੀ ਹੈ।
ਹਮਸਫ਼ਰ ਵਿਚਲੀਆਂ ਕਵਿਤਾਵਾਂ ਇਸ ਕਰਕੇ ਵੀ ਖ਼ਾਸ ਬਣ ਸਕੀਆਂ ਹਨ ਕਿਉਂਕਿ ਕੈਨਵਸ ਉਤੇ ਬਣੇ ਚਿੱਤਰਾਂ ਨੇ ਹੁਣ ਇਨ੍ਹਾਂ ਕਵਿਤਾਵਾਂ ਨੂੰ ਓੜ ਲਿਆ ਹੈ ਤੇ ਕਵਿਤਾਵਾਂ ਨੇ ਕੈਨਵਸ ਉੱਪਰ ਆਪਣੇ ਸ਼ਬਦ ਚਿੱਤਰ ਅੰਕਿਤ ਕਰ ਦਿੱਤੇ ਹਨ। ਆਸ ਹੈ ਇਸ ਸੰਗ੍ਰਹਿ ਪੰਜਾਬੀ ਸਾਹਿਤ ਨਾਲ ਮਿਲ ਕੇ ਸਾਹਿਤ ਤੇ ਕਲਾ ਦੇ ਖੇਤਰ ਵਿੱਚ ਨਵੇਂ ਪੂਰਨੇ ਪਾਵੇਗਾ।
ਮੈਂ ਸ਼ੁਕਰਗੁਜ਼ਾਰ ਹਾਂ ਹਿੰਦੀ ਤੇ ਪੰਜਾਬੀ ਦੇ ਕਵੀ ਅਤੇ ਲੇਖਕ, ਅਨੁਵਾਦਕ "ਗੁਰਮਾਨ ਸੈਣੀ" ਦਾ ਜਿਨ੍ਹਾਂ ਦੀ ਬਦੌਲਤ ਪੰਜਾਬੀ ਦੇ ਪਾਠਕ ਮੇਰੀਆਂ ਇਨ੍ਹਾਂ ਕਵਿਤਾਵਾਂ ਦਾ ਆਨੰਦ ਮਾਣ ਸਕਣਗੇ।
ਆਸ ਹੈ ਤੁਹਾਨੂੰ ਇਹ ਕਵਿਤਾਵਾਂ ਜ਼ਰੂਰ ਪਸੰਦ ਆਉਣਗੀਆਂ। ਆਪਣੀ ਪ੍ਰਤਿਕ੍ਰਿਆ ਤੋਂ ਮੈਨੂੰ ਜ਼ਰੂਰ ਜਾਣੂੰ ਕਰਵਾਉਣਾ ਅਤੇ ਇਸਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਾਂਝਿਆਂ ਕਰਨਾ ਨਾ ਭੁੱਲ ਜਾਣਾ।
- ਇੰਦੂਕਾਂਤ ਆਂਗਰਿਸ
GURMAN SAINI
गुरमान सैनी
ਗੁਰਮਾਨ ਸੈਣੀ
No comments:
Post a Comment